ਦੋ ਪਹੀਆ ਵਾਹਨ ਚਲਾਉਣ ਲਈ ਹੈਲਮਟ ਜ਼ਰੂਰੀ : ਪ੍ਰਵੀਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 27 ਅਪ੍ਰੈਲ 2024 : ਸਸਸਸ ਲੰਗੜੋਆ ਵਿਖੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਬੱਚਿਆਂ ਨੂੰ ਕਿਹਾ ਕਿ ਦੋ ਪਹੀਆ ਵਾਹਨ ਚਲਾਉਣ ਤੋਂ ਪਹਿਲਾਂ ਸਿਰ ਤੇ ਹੈਲਮਟ ਲੈਣਾ ਬੇਹੱਦ ਜ਼ਰੂਰੀ ਹੈ।ਪ੍ਰਵੀਨ ਕੁਮਾਰ ਨੇ ਬੱਚਿਆਂ ਨੂੰ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵਾਹਨ ਚਲਾਉਣ ਵੇਲੇ ਮੁਬਾਇਲ ਦੀ ਵਰਤੋਂ ਤੇ ਸੈਲਫੀ ਬਣਾਉਣਾ ਇੱਕ ਕਾਨੂੰਨੀ ਜੁਰਮ ਹੈ। ਅਜਿਹਾ ਕਰਨ ਨਾਲ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਤੇ ਅਨੇਕਾਂ ਲੋਕ ਜਾਨਾਂ ਗੁਆ ਰਹੇ ਹਨ ਜਾਂ ਸ਼ਰੀਰਕ ਤੌਰ ਤੇ ਨਕਾਰਾ ਹੋ ਜਾਂਦੇ ਨੇ। ਉਹਨਾਂ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਬਾਰੇ ਦਸਦਿਆਂ ਕਿਹਾ ਕਿ ਓਵਰਟੇਕ ਕਰਨ ਵੇਲੇ ਕਾਹਲੀ ਨਹੀਂ ਕਰਨੀ, ਨਸ਼ਾ ਕਰਕੇ ਡਰਾਈਵ ਨਹੀਂ ਕਰਨਾ,ਰੋਡ ਸਾਈਨ ਬੋਰਡ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਮੰਜ਼ਿਲ ਵੱਲ ਵਧਣਾ ਚਾਹੀਦਾ ਹੈ।ਇਸ ਮੌਕੇ ਉਹਨਾਂ ਨਾਲ ਏ ਐਸ ਆਈ ਸਤਨਾਮ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਰੋਡ ਸੇਫਟੀ ਸਬੰਧੀ ਜਾਣਕਾਰੀ ਨੂੰ ਅਪਣਾਉਣ ਦਾ ਪ੍ਰਣ ਕਰਵਾਇਆ। ਬੱਚਿਆਂ ਤੋਂ ਸੜਕ ਸੁਰੱਖਿਆ ਜਾਗਰੂਕਤਾ ਨੂੰ ਦਰਸਾਉਦੇ ਸਲੋਗਨ ਦੇ ਨਾਅਰੇ ਲਾਏ।ਸਕੂਲ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਪ੍ਰਵੀਨ ਕੁਮਾਰ ਤੇ ਉਹਨਾਂ ਦੇ ਸਾਥੀ ਏ ਐਸ ਆਈ ਸਤਨਾਮ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਗੱਲ ਕਹੀ।ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।